ਵਾਜੇ ਵੱਜਦੇ ਬੂਹੇ ਤੇ ਹੋਣ ਖੁਸ਼ੀਆਂ,
ਗਾਵਣ ਮੰਗਲਾਚਾਰ ਦੇ ਗੀਤ ਸਾਰੇ।
ਕੱਠਾ ਹੋ ਗਿਆ ਏ ਮੇਲ ਗੇਲ ਆਕੇ,
ਖੁਸ਼ੀ ਮਾਣਦੇ ਨੇ ਭਾਈ ਮੀਤ ਸਾਰੇ।
ਮੈਂ ਵੀ ਹੱਸਦੀ ਹੱਸਦੀ ਕਰੀ ਜਾਵਾਂ,
ਚਾਂਈ ਚਾਂਈਂ ਪੂਰੇ ਰਸਮ ਰੀਤ ਸਾਰੇ।
ਪਰ ਕੌਣ ਜਾਣੇ ਕੀ ਖਿਆਲ ਆਕੇ,
ਸੀਨੇ ਵਿੱਚ ਮੇਰੇ ਰਹੇ ਬੀਤ ਸਾਰੇ।
ਜਿਸਮ ਜਾਨ ਤੇ ਜਿਗਰ ਦਾ ਜੋ ਟੁਕੜਾ,
ਕੁਖੋਂ ਜੰਮਿਆ ਸ਼ੀਰ ਪਿਆਇਆ ਜਿਸਨੂੰ।
ਵਾਂਗ ਪੁਤਰਾਂ ਲਾਡ ਲਡਾਇਆ ਜਿਸਨੂੰ,
ਚਾਂਈਂ ਚਾਂਈਂ ਸਕੂਲ ਪੜਾਇਆ ਜਿਸਨੂੰ।
ਉਸ ਤੋਂ ਵਿਛੜਨੇ ਦਾ ਸਮਾਂ ਆ ਗਿਆ ਏ,
ਸਦਾ ਵੇਖਕੇ ਦਿਲ ਪਰਚਾਇਆ ਜਿਸਨੂੰ।
ਕਿਵੇਂ ਰਹਾਂਗੀ ਹੁਣ ਡਿੱਠੇ ਬਾਝ ਉਸਦੇ,
ਅਖੋ ਪਰੇ ਨਾ ਕੱਦੀ ਹਟਾਇਆ ਜਿਸਨੂੰ।
' ਲਾਡਾਂ ਪਾਲੀਏ, ਮੇਰੀਏ ਲਾਡਲੀਏ ਨੀ,
ਜਾਣਾ ਤੂੰ ਹੁਣ ਨਵੇਂ ਸੰਸਾਰ ਅੰਦਰ।
ਓਥੇ ਕੰਮ ਆਉਣੀ ਖੂਬ ਸੁਣਦੀ ਜਾਵੀਂ,
ਮੇਰੀ ਸਿਖਿਆ ਲਫਜ਼ ਦੋ ਚਾਰ ਅੰਦਰ।
ਤੁਰੀਂ ਸੌਰਿਆਂ ਦੀ ਸਦਾ ਤਾਰ ਅੰਦਰ,
ਆਪਣੀ ਜਿਤ ਸਮਝੀਂ ਸਦਾ ਹਾਰ ਅੰਦਰ।
ਸੱਜੀ ਰਹੀਂ ਸੇਵਾ ਦੇ ਸ਼ਿੰਗਾਰ ਅੰਦਰ,
ਸਮਝੀਂ ਫਰਕ ਨਾ ਪਤੀ ਤੇ ਕਰਤਾਰ ਅੰਦਰ।
ਜਤ ਸਤ ਦੇ ਗਹਿਣੇਂ ਹੰਡਾਈ ਬੇਟੀ,
ਸ਼ਰਮ ਧਰਮ ਦੀ ਸਦਾ ਪੁਸ਼ਾਕ ਪਾਂਵੀਂ।
ਮੂੰਹ ਤੇ ਰਹੀਂ ਮਲਦੀ ਖਿਮਾਂ ਦਾ ਪੋਡਰ,
ਬਿੰਦੀ ਨਿਮਰਤਾ ਵਾਲੀ ਮੱਥੇ ਤੇ ਲਾਵੀਂ।
ਦਯਾ ਦੀ ਸੁਰਖੀ ਤੇ ਪ੍ਰੇਮ ਦਾ ਸੁਰਮਾਂ,
ਕੰਘੀ ਕੰਤ ਦੀ ਸੇਵਾ ਵਾਲੀ ਰੋਜ਼ ਵਾਹਵੀਂ।
ਮਹਿੰਦੀ ਹੱਥਾਂ ਤੇ ਲਾਵੀਂ ਉਪਕਾਰ ਵਾਲੀ,
ਸਦਾ ਪਤੀ ਪਰਮਾਤਮਾ ਦੇ ਗੀਤ ਗਾਵੀਂ।
ਰੱਬ ਸੁਖਾਂ ਵਾਲੇ ਬੂਹੇ ਖੋਲ ਦੇਵੇ,
ਵਸੇ ਖੁਸ਼ੀ ਦਾ ਸਦਾ ਮਹੱਲ ਤੇਰਾ।
ਆਉਂਦੀ ਰਹੇ ਹਵਾ ਸਦਾ ਬਰਕਤ ਵਾਲੀ,
ਮੂੰਹ ਸਦਾ ਰਹੇ ਖੁਸ਼ੀਆਂ ਵੱਲ ਤੇਰਾ।
ਦੁੱਖ ਵੇਖਣਾ ਕਦੀ ਨਾ ਨਸੀਬ ਹੋਵੇ,
ਭਾਗ ਰਹਿਣ ਬੈਠੇ ਬੂਹਾ ਮੱਲ ਤੇਰਾ।
ਅੰਗ ਸੰਗ ਤੇਰੇ ਸਤਿਗੁਰ ਰਹਿਣ ਧੀਏ,
ਰਹੇ ਸਦਾ ਸੁਹਾਗ ਅੱਟਲ ਤੇਰਾ !!
.....….....{ਸਨਿੰਦਰ ਸਿੰਘ ਵਿਰਦੀ}