Pages

Friday, May 30, 2025

ਟੁੱਟ ਗਿਆ ਤਾਂ ਜੁੜਨ ਵੀ ਦੇਈ

ਟੁੱਟ ਗਿਆ ਤਾਂ ਜੁੜਨ ਵੀ ਦੇਈ
ਪੂਰਾ ਕਰਦੀਂ ਥੁੜਨ ਨਾਂ ਦੇਈ।

ਸੰਸਾਰ ਸਾਗਰ ਤੋਂ ਪਾਰ ਲੰਘਾ ਦੇਈ
ਅੱਧ ਵਿਚਾਲੇ ਰੁੜਨ ਨਾ ਦੇਈ।

ਜਾ ਤੇ ਰਾਹ ਵਿੱਚ ਗਰਕ ਕਰਦੀਂ
ਅੱਧੇ ਰਾਹ ਤੋਂ ਮੁੜਨ ਨਾ ਦੇਈ।

ਵਿਰਦੀ ਜਦ ਵੀ ਸਜਦਾ ਕਰੀ
ਸਿਰ ਆਪਣੇ ਨੂੰ ਖੜਨ ਨਾ ਦੇਈ।।

Sunday, May 11, 2025

ਰੂਹਾਨੀ ਇਸ਼ਕ

ਇੱਕ ਐਸੇ ਜਾਮ ਨਾਲ ਅੱਜ ਪਿਆਲਾ ਭਰੀਏ
ਆਜੋ ਰੂਹਾਨੀ ਇਸ਼ਕ ਦੀ ਅੱਜ ਗੱਲ ਕਰੀਏ।

ਜਿੱਥੇ ਸਾਰੇ ਸ਼ਿਕਵੇ ਮਿੱਟ ਜਾਂਦੇ
ਨਹੀਂ ਕੋਈ ਸ਼ਿਕਾਇਤ ਰਹਿੰਦੀ ਏ,
ਕੁਦਰਤ ਦੇ ਖਿਲਰੇ ਮੋਤੀਆਂ ਦਾ ਅੱਜ ਰੁੱਗ ਭਰੀਏ
ਆਜੋ ਰੂਹਾਨੀ ਇਸ਼ਕ ਦੀ ਅੱਜ ਗੱਲ ਕਰੀਏ।

ਕੁਦਰਤ ਵਿੱਚ ਓਹੀ ਵਸਦਾ ਹੈ 
ਹਰ ਸ਼ੈਅ ਤੇ ਉਸਦਾ ਡੇਰਾ ਹੈ,
ਜਿੱਥੇ ਪਰਮਾਨੰਦ ਦੀ ਗੱਲ ਹੋਵੇ ਉਸ ਥਾਂ ਤੇ ਜਾ ਮਰੀਏ 
ਆਜੋ ਰੂਹਾਨੀ ਇਸ਼ਕ ਦੀ ਅੱਜ ਗੱਲ ਕਰੀਏ।

ਮੇਰਾ ਮੇਰਾ ਕਰਦੇ ਅਸੀ ਦੁਨੀਆ ਘੁੰਮ ਲਈ
ਦਿਲ ਨੂੰ ਸੁਕੂਨ ਤਾਂ ਵਿਰਦੀ ਆਇਆ ਨਹੀਂ,
ਹੁਣ "ਤੇਰਾ ਤੇਰਾ" ਕਰਦੇ ਆਪਣੇ ਅੰਦਰ ਵੜੀਏ 
ਆਜੋ ਰੂਹਾਨੀ ਇਸ਼ਕ ਦੀ ਅੱਜ ਗੱਲ ਕਰੀਏ।।



Thursday, May 8, 2025

ਜੰਗ ਦੇ ਪਾਰ

ਸੂਰਜ ਚੜ੍ਹਿਆ ਸੀ ਪਰ ਛਾਇਆ ਅੰਧੇਰਾ,
ਹੱਦਾਂ ਦੇ ਰਾਹੀਂ ਵਗਿਆ ਲਹੂ ਬਥੇਰਾ।
ਮਾਂ ਦੇ ਹੱਥਾਂ 'ਚ ਸੀ ਪੁੱਤ ਦੀ ਤਸਵੀਰ,
ਉਹ ਰੋਂਦੀ ਆਖੇ, "ਮੇਰਾ ਕੀ ਕਸੂਰ ਸੀ ਵੀਰ?"

ਮਾ ਉਡੀਕਦੀ ਰਹੀ ਪੁੱਤ ਨੂੰ ਜੌ ਸੀ ਲੜਨ ਗਿਆ,
ਸਿਪਾਹੀ ਗਿਰ ਸੀ ਧਰਤੀ ਤੇ ਲਹੂ ਲੁਹਾਣ ਪਿਆ।
ਭਾਰਤ ਵੀ ਰੋਇਆ, ਪਾਕ ਵੀ ਰੋਇਆ,
ਇਕ ਮਾਂ ਦੀ ਕੁੱਖ ਨੇ ਸੀ ਪੁੱਤ ਖੋਇਆ।

ਜੰਗ ਜਿੱਤ ਕੇ ਵੀ ਕੀ ਮਿਲਿਆ ਅਖੀਰ,
ਨਹੀਂ ਰਹੇ ਜਿੰਦਾ, ਸਿਰਫ ਰਿਹ ਗਈ ਤਸਵੀਰ।
ਕਬਰਾਂ ਵਿੱਚ ਆਰਜ਼ੂਆਂ ਸੀ ਸੌ ਗਈਆਂ,
ਸਿਰਫ ਬੰਦੂਕਾਂ ਦੀਆਂ ਬੋਲੀਆਂ ਰਹਿ ਗਈਆਂ।

ਵਿਰਦੀ ਆਖੇ ਬਣੀਏ ਅਸੀਂ ਅਮਨ ਦੇ ਰਾਹੀ,
ਨਹੀਂ ਚਾਹੀਦੀ ਸਾਨੂੰ ਹੁਣ ਹੋਰ ਕੋਈ ਲੜਾਈ।
ਜਿਹੜੀ ਵੀ ਸੀ ਰੰਜਿਸ਼, ਮੁਕਾ ਦੇਈਏ,
ਮਾਂਵਾਂ ਦੇ ਅੱਥਰੂ ਸੁਕਾ ਦੇਈਏ।

Wednesday, May 7, 2025

ਸੁਕੂਨ ਦੀ ਖੋਜ

ਚੁੱਪ ਦੇ ਚਾਨਣ ਵਿੱਚੋ ਇਕ ਕਹਾਣੀ ਲੱਭੀ,
ਹਵਾ ਦੀ ਠੰਡੀ ਛੋਹ ਵਿੱਚੋ ਰਵਾਨੀ ਲੱਭੀ।
ਕਿਸੇ ਰਾਹੀ ਦੇ ਖਾਲੀ ਹੱਥਾਂ ਵਿੱਚੋਂ,
ਸਾਬਤ ਹੋਈ ਜੌ ਇਕ ਚੀਜ਼ ਲਾਸਾਨੀ ਲੱਭੀ।

ਨਹੀਂ ਲੱਭੀ ਸੋਨੇ ਚਾਂਦੀ ਦੇ ਥਾਲ ਵਿੱਚੋ
ਨਹੀਂ ਲੱਭੀ ਸ਼ਹਿਰ ਦੀ ਰੌਣਕ ਅਤੇ ਲੋਕਾਂ ਦੇ ਸਵਾਲ ਵਿੱਚੋ।
ਉਹ ਤਾਂ ਸੀ ਇੱਕ ਮੌਜੂਦਗੀ ਅੰਦਰ,
ਲੱਭੀ ਅੰਦਰ ਦੇ ਮਿਲਾਪ ਅਤੇ ਉਸਦੀ ਤਾਲ ਵਿੱਚੋ।

ਨਾਂ ਰੰਜਿਸ਼ ਰਹੀ, ਨਾਂ ਰਿਸ਼ਤੇ ਵਧੇਲੇ,
ਨਾਂ ਕੋਈ ਸ਼ਿਕਵਾ, ਨਾਂ ਵਾਅਦੇ ਉਧੇੜੇ।
ਜਿਥੇ ਦਿਲ ਰੁੱਕ ਜਾਏ, ਜਿੱਥੇ ਸਾਹ ਸੁਕ ਜਾਏ,
ਉਹੀ ਜਗ੍ਹਾ ਹੈ ਵਿਰਦੀ, ਜਿੱਥੇ ਸੁਕੂਨ ਵੱਸ ਜਾਏ।

Sunday, May 4, 2025

ਜੀਵਨ ਚੱਕਰ

ਜਨਮ ਦੀਆਂ ਘੜੀਆਂ ਵਿੱਚ ਖੁਸ਼ੀਆਂ ਦੀ ਡਾਰ,
ਨਵੀਂ ਰੂਹ ਲਿਆਉਂਦੀ ਧਰਤੀ ਉੱਤੇ ਪਿਆਰ।
ਮਾਂ ਦੀ ਝੱਪੀ, ਪਿਓ ਦਾ ਸਹਾਰਾ,
ਸਹਿਜੇ ਸਹਿਜੇ ਬਣਦਾ ਸਾਰਾ ਸੰਸਾਰਾ।

ਚੱਲਣ ਲੱਗਦੇ ਕਦਮ, ਬੋਲਦੇ ਬਚਨ,
ਹੱਸਣ ਖੇਡਣ ਦੀ ਆਉਂਦੀ ਮਿੱਠੀ ਰੁੰਜੁਨ।
ਸਿੱਖਦੇ ਹਾਂ ਪਾਠ ਜੀਵਨ ਦੇ ਰੰਗ,
ਹਾਸੇ ਤੇ ਹੰਜੂ ਬਣਦੇ ਨੇ ਸੰਗ।

ਜਵਾਨੀ ਆਉਂਦੀ, ਸੁਪਨੇ ਲੈ ਆਉਂਦੀ,
ਆਸਾਂ ਦੀ ਨਵੀਂ ਦੁਨੀਆਂ ਬਣਾਉਂਦੀ।
ਪਿਆਰ, ਮਿਹਨਤ, ਮਿਹਰ ਦੇ ਵਾਦੇ,
ਕਦੇ ਹਾਰ ਕਦੇ ਜੀਤ ਦੇ ਜਾਂਦੇ।

ਵਕਤ ਦੇ ਪੰਛੀ ਉੱਡਦੇ ਆਉਂਦੇ,
ਬਚਪਨ, ਜਵਾਨੀ ਲੰਘਦੇ ਜਾਂਦੇ।
ਢਲਦੀ ਉਮਰ ਦੀ ਆਉਂਦੀ ਆਹਟ,
ਸਿਹਤ, ਚਿਹਰੇ ਤੇ ਆਉਂਦੀ ਥਕਾਵਟ।

ਅੰਤ ਚ ਆਉਂਦਾ ਇੱਕ ਸੁੰਨਾ ਪਲ,
ਜਿੱਥੇ ਸਾਰੀ ਕਹਾਣੀ ਜਾਂਦੀ ਠੱਲ।
ਟੁੱਟਦਾ ਮਾਣ ਜਦੋਂ ਮੌਤ ਹੈ ਆਉਂਦੀ,
ਆਤਮਾ ਨੂੰ ਅਸਮਾਨਾਂ ਵੱਲ ਲੈ ਜਾਂਦੀ।

ਵਿਰਦੀ ਜੀਵਨ ਚੱਕਰ ਕਦੇ ਮੁਕਦਾ ਨਹੀਂ,
ਨਵੀਂ ਜਿੰਦ ਬਣਦੀ, ਨਵੀਂ ਕਹਾਣੀ ਖਿੜਦੀ।
ਜੰਮਣ ਤੇ ਮਰਨ ਇਕ ਦੂਜੇ ਦੇ ਹਾਣੀ,
ਸਦਾ ਘੁੰਮਦਾ ਰਹਿੰਦਾ ਇਹ ਪ੍ਰਾਣੀ।