ਇੱਕ ਵਾਰ ਇੱਕ ਹਾਥੀ ਦੀ ਲਾਸ਼ ਨਦੀ ਵਿੱਚ ਵਹਿ ਰਹੀ ਸੀ। ਇੱਕ ਕਾਂ ਨੇ ਲਾਸ਼ ਦੇਖੀ, ਤਾਂ ਖੁਸ਼ ਹੋ ਗਿਆ, ਤੁਰੰਤ ਉਸ 'ਤੇ ਆ ਬੈਠਾ। ਕਾਫ਼ੀ ਮਾਸ ਖਾਧਾ ਤੇ ਫਿਰ ਨਦੀ ਦਾ ਪਾਣੀ ਪੀਤਾ। ਕਾਂ ਨੇ ਉਸ ਲਾਸ਼ 'ਤੇ ਇੱਧਰ ਉੱਧਰ ਫੁਦਕਦੇ ਹੋਏ, ਪਰਮ ਤ੍ਰਿਪਤੀ ਨਾਲ ਡਕਾਰ ਮਾਰਿਆ।
ਉਸ ਨੇ ਸੋਚਿਆ, ਆਹ! ਇਹ ਤਾਂ ਬਹੁਤ ਹੀ ਸੁੰਦਰ ਵਾਹਨ ਹੈ, ਇੱਥੇ ਭੋਜਨ ਅਤੇ ਪਾਣੀ ਦੀ ਕੋਈ ਕਮੀ ਨਹੀਂ ਹੈ। ਫਿਰ ਮੈਂ ਇਸ ਨੂੰ ਛੱਡ ਕੇ ਐਵੇਂ ਕਿਉਂ ਹੋਰ ਕਿਤੇ ਭਟਕਦਾ ਫਿਰਾਂ? ਕਾਂ ਕਈ ਦਿਨਾਂ ਤੱਕ ਨਦੀ 'ਚ ਵਹਿ ਰਹੀ ਲਾਸ਼ ਉੱਤੇ ਨਜ਼ਾਰੇ ਲੈਂਦਾ ਰਿਹਾ।
ਭੁੱਖਾ ਲੱਗਣ ਤੇ ਉਹ ਲਾਸ਼ ਨੂੰ ਨੋਚ ਕੇ ਖਾ ਲੈਂਦਾ ਅਤੇ ਜਦੋਂ ਉਹ ਪਿਆਸ ਲੱਗਦੀ ਤਾਂ ਉਹ ਨਦੀ ਦਾ ਪਾਣੀ ਪੀ ਲੈਂਦਾ। ਬੇਅੰਤ ਜਲ-ਪ੍ਰਵਾਹ, ਉਸ ਦਾ ਤੇਜ਼ ਵਹਾਅ, ਕੰਢਿਆਂ 'ਤੇ ਦੂਰ-ਦੂਰ ਤੱਕ ਫੈਲੇ ਕੁਦਰਤ ਦੇ ਮਨੋਹਰ ਨਜ਼ਾਰੇ – ਉਹ ਉਨ੍ਹਾਂ ਨੂੰ ਦੇਖ ਦੇਖ ਕੇ ਹੈਰਾਨ ਹੁੰਦਾ।
ਨਦੀ ਆਖਿਰਕਾਰ ਇੱਕ ਦਿਨ ਸਮੁੰਦਰ ਵਿੱਚ ਜਾ ਮਿਲੀ। ਉਹ ਧੰਨ ਸੀ ਕਿ ਉਸ ਨੂੰ ਆਪਣੀ ਮੰਜ਼ਿਲ ਮਿਲ ਗਈ ਹੈ। ਸਮੁੰਦਰ ਨੂੰ ਮਿਲਣਾ ਹੀ ਉਸ ਦਾ ਅੰਤਮ ਟੀਚਾ ਸੀ, ਪਰ ਉਸ ਦਿਨ ਉਦੇਸ਼ਹੀਣ ਕਾਂ ਦੀ ਬਹੁਤ ਦੁਰਗਤਿ ਹੋ ਗਈ। ਚਾਰ ਦਿਨਾਂ ਦੀ ਮੌਜ-ਮਸਤੀ ਨੇ ਉਸ ਨੂੰ ਅਜਿਹੀ ਥਾਂ 'ਤੇ ਲਿਆ ਸੁੱਟਿਆ ਸੀ, ਜਿੱਥੇ ਨਾ ਹੁਣ ਉਸ ਲਈ ਖਾਣਾ ਸੀ ਨਾ ਹੀ ਪੀਣ ਦਾ ਪਾਣੀ ਅਤੇ ਨਾ ਹੀ ਕੋਈ ਠਹਿਰਨ ਲਈ ਆਸਰਾ ਸੀ।
ਹਰ ਪਾਸੇ ਬੇਅੰਤ ਸੀਮਾਹੀਨ ਖਾਰੇ ਪਾਣੀ ਦੀਆਂ ਲਹਿਰਾਂ ਸਨ। ਕੁਝ ਦਿਨਾਂ ਤੱਕ ਥੱਕਿਆ, ਹਾਰਿਆ, ਭੁੱਖਾ ਅਤੇ ਪਿਆਸਾ ਕਾਂ ਖੰਭਾਂ ਫਟਕਦਾ ਹੋਇਆ ਚਾਰੇ ਦਿਸ਼ਾਵਾਂ ਵਿੱਚ ਉਡਾਰੀ ਲਗਾਉਂਦਾ ਰਿਹਾ, ਆਪਣੀਆਂ ਟੇਢੀਆਂ ਮੇਢੀਆਂ ਉਡਾਣਾਂ ਨਾਲ ਆਪਣੇ ਆਪ 'ਤੇ ਹੀ ਝੂਠਾ ਰੋਬ ਪਾਉਂਦਾ ਰਿਹਾ, ਪਰ ਉਹ ਸਮੁੰਦਰ ਦਾ ਅੰਤ ਨਾ ਦੇਖ ਸਕਿਆ। ਕੋਈ ਕਿਨਾਰਾ ਉਸਨੂੰ ਨਾ ਮਿਲਿਆ। ਅੰਤ ਵਿੱਚ, ਥੱਕਿਆ ਟੁੱਟਿਆ, ਦੁੱਖ ਨਾਲ ਭਰਿਆ ਹੋਇਆ, ਉਹ ਸਮੁੰਦਰ ਦੀਆਂ ਗਗਨਚੁੰਬੀ ਲਹਿਰਾਂ ਵਿੱਚ ਡਿੱਗ ਪਿਆ ਤੇ ਇੱਕ ਵੱਡੇ ਸਾਰੇ ਮਗਰਮੱਛ ਨੇ ਉਸਨੂੰ ਨਿਗਲ ਲਿਆ।
ਸਰੀਰਕ ਭੋਗਾਂ ਵਿਚ ਅੰਨੇ-ਵਾਹ ਲੱਗੇ ਮਨੁੱਖਾਂ ਦੀ ਗਤੀ ਵੀ ਉਸੇ ਕਾਂ ਵਾਂਗ ਹੁੰਦੀ ਹੈ, ਜੋ ਭੋਜਨ ਅਤੇ ਆਸਰੇ ਨੂੰ ਹੀ ਪਰਮ ਗਤੀ ਸਮਝਦੇ ਹਨ ਅਤੇ ਅੰਤ ਨੂੰ ਬੇਅੰਤ ਸੰਸਾਰ ਰੂਪੀ ਸਮੁੰਦਰ ਵਿਚ ਹੀ ਸਮਾ ਜਾਂਦੇ ਹਨ।
ਜਿੱਤ ਕਿਸ ਲਈ, ਹਾਰ ਕਿਸ ਲਈ
ਜਿੰਦਗੀ ਭਰ ਦੀ ਤਕਰਾਰ ਕਿਸ ਲਈ..
ਜੋ ਵੀ ਆਇਆ ਹੈ ਉਹ ਜਾਵੇਗਾ ਇੱਕ ਦਿਨ
ਫਿਰ ਇਹ ਇੰਨਾਂ ਹੰਕਾਰ ਕਿਸ ਲਈ - ਵਿਚਾਰ ਕਰੋ।
ਧਿਆਨ ਦਾ ਇੱਕ ਛੋਟਾ ਜਿਹਾ ਸੂਤਰ ਹੈ: ਆਪਣੇ ਅੰਦਰ ਇੰਨੀ ਸ਼ਾਂਤੀ, ਕਿ ਵਿਚਾਰ ਦੀ ਕੋਈ ਲਹਿਰ ਵੀ ਨਾ ਉੱਠੇ। ਕੋਈ ਲਹਿਰ ਨਾ ਹੋਵੇ, ਅਜਿਹਾ ਸੰਨਾਟਾ।
ਅਜਿਹਾ ਸ਼ੂਨਯ, ਜਿੱਥੇ ਸਿਰਫ਼ ਤੁਸੀਂ ਹੀ ਹੋ, ਹੋਰ ਕੁਝ ਵੀ ਨਹੀਂ ਹੈ। ਜਿੱਥੇ ਇਹ ਭਾਵ ਵੀ ਨਹੀਂ ਕਿ ਮੈਂ ਹਾਂ। ਉਸੇ ਪਲ ਇਹ ਸਾਰਾ ਸੰਸਾਰ ਤੁਹਾਡੇ ਉੱਤੇ ਪਰਮਾਤਮਾ ਬਣ ਕੇ ਬਰਸ ਪੈਂਦਾ ਹੈ।
No comments:
Post a Comment