ਵਹਿਮ ਨਾਂ ਹੁੰਦੇ, ਭਰਮ ਨਾਂ ਹੁੰਦੇ, ਚੰਗਾ ਹੁੰਦਾ
ਜ਼ਾਤਾਂ, ਮਜ਼ਹਬ, ਧਰਮ ਨਾਂ ਹੁੰਦੇ, ਚੰਗਾ ਹੁੰਦਾ
ਪੰਡਤ, ਭਾਈ, ਸ਼ੇਖ ਨਾਂ ਹੁੰਦੇ, ਚੰਗਾ ਹੁੰਦਾ
ਸੰਤਾਂ ਦੇ ਕਈ ਭੇਖ ਨਾਂ ਹੁੰਦੇ, ਚੰਗਾ ਹੁੰਦਾ
ਸਾਂਭੀ ਗਈ ਵਿਰਾਸਤ ਹੁੰਦੀ, ਚੰਗਾ ਹੁੰਦਾ
ਧਰਮ 'ਚ ਘੱਟ ਸਿਆਸਤ ਹੁੰਦੀ, ਚੰਗਾ ਹੁੰਦਾ
ਖੱਟ ਨਾਂ ਹੁੰਦੀ, ਦਾਜ ਨਾਂ ਹੁੰਦੇ, ਚੰਗਾ ਹੁੰਦਾ
ਭੈੜੇ ਰਸਮ ਰਿਵਾਜ ਨਾਂ ਹੁੰਦੇ, ਚੰਗਾ ਹੁੰਦਾ
ਗਏ ਗੁਜ਼ਰੇ ਇਨਸਾਨ ਨਾਂ ਹੁੰਦੇ, ਚੰਗਾ ਹੁੰਦਾ
ਆਗੂ ਬੇਈਮਾਨ ਨਾਂ ਹੁੰਦੇ, ਚੰਗਾ ਹੁੰਦਾ
ਸਭ ਲਈ ਚੰਗੇ ਧੰਦੇ ਹੁੰਦੇ, ਚੰਗਾ ਹੁੰਦਾ
ਬੰਦੇ ਜੇਕਰ 'ਬੰਦੇ' ਹੁੰਦੇ, ਚੰਗਾ ਹੁੰਦਾ
ਵੱਡੇ ਵੱਡੇ ਨਾਂਅ ਨਾ ਹੁੰਦੇ, ਚੰਗਾ ਹੁੰਦਾ
ਐਵੇਂ ਨਾਢੂ ਖ਼ਾਂ ਨਾ ਹੁੰਦੇ, ਚੰਗਾ ਹੁੰਦਾ
ਮਤਲਬ ਦਾ ਜੇ ਪਿਆਰ ਨਾਂ ਹੁੰਦਾ, ਚੰਗਾ ਹੁੰਦਾ
ਸੱਜਣਾਂ ਦਾ ਇਨਕਾਰ ਨਾ ਹੁੰਦਾ, ਚੰਗਾ ਹੁੰਦਾ
ਜੀਵਨ ਵਿਚ ਜੇ ਦੁੱਖ ਨਾਂ ਹੁੰਦੇ, ਚੰਗਾ ਹੁੰਦਾ
ਭਾਵੇਂ ਵਾਧੂ ਸੁੱਖ ਨਾਂ ਹੁੰਦੇ, ਚੰਗਾ ਹੁੰਦਾ
ਮਨ ਦੇ ਲੋਕ ਪਲੀਤ ਨਾ ਹੁੰਦੇ, ਚੰਗਾ ਹੁੰਦਾ
ਬਿਛੜੇ ਮਨ ਦੇ ਮੀਤ ਨਾਂ ਹੁੰਦੇ, ਚੰਗਾ ਹੁੰਦਾ
ਨੇਤਾਵਾਂ ਨੂੰ ਸ਼ਰਮ ਜੇ ਹੁੰਦੀ, ਚੰਗਾ ਹੁੰਦਾ
ਜ਼ਖ਼ਮੀਂ ਲਾਈ ਮਰ੍ਹਮ ਜੇ ਹੁੰਦੀ, ਚੰਗਾ ਹੁੰਦਾ
ਅੱਖ ਨਾਂ ਕੋਈ ਗਿੱਲੀ ਹੁੰਦੀ, ਚੰਗਾ ਹੁੰਦਾ
ਨੇੜੇ ਸਭ ਲਈ 'ਦਿੱਲੀ' ਹੁੰਦੀ, ਚੰਗਾ ਹੁੰਦਾ ।